Saturday, June 23, 2012

ਆਦਿਕਾ ...


------------------------------------------------------------------------------------------------------
------------------------------------------------------------------------------------------
-----------------------------------------------------------------------------
 ਪੰਜਾਬੀ ਭਾਸ਼ਾ ਵਿਚ ਹਾਇਕੂ ਦੀ ਪਰਵਾਜ਼   
--------------------------------------------                                            -  ਕਸ਼ਮੀਰੀ ਲਾਲ ਚਾਵਲਾ

                ਇਕ ਪਲ ਵਿਚ ਹੋਈ ਘਟਨਾ/ਹਰਕਤ ਜਾਂ ਪਲ-ਛਿਣ ਵਿਚ ਮਨ 'ਚ ਆਏ ਵਿਚਾਰਾਂ ਨੂੰ ਜਦੋਂ ਕੁਝ ਸੀਮਤ ਸ਼ਬਦਾਂ ਵਿਚ ਬਿਆਨ ਕੀਤਾ ਜਾਂਦਾ ਹੈ ਤਾਂ ਉਸ ਨੂੰ ਹਾਇਕੂ ਕਿਹਾ ਜਾਂਦਾ ਹੈ। ਹਾਇਕੂ ਜਪਾਨੀ ਕਾਵਿ ਦਾ ਇਕ ਛੋਟਾ ਰੂਪ ਹੈ ਜਿਸ ਦਾ ਆਕਾਰ 5+7+5=17 ਅੱਖਰਾਂ ਵਿਚ ਬੱਝਾ ਹੁੰਦਾ ਹੈ। ਜਪਾਨ ਦੇ ਹਾਇਕੂ ਵਿਧਾਨ ਅਨੁਸਾਰ ਪਹਿਲੀ ਸੱਤਰ ਵਿਚ ਪੰਜ, ਦੂਜੀ ਸੱਤਰ ਵਿਚ ਸੱਤ ਅਤੇ ਤੀਜੀ ਸੱਤਰ ਵਿਚ ਫਿਰ ਪੰਜ ਅੱਖਰ ਲਏ ਜਾਂਦੇ ਹਨ ਭਾਵ ਇਸ ਦਾ ਕ੍ਰਮ 17 ਅੱਖਰੀ ਹੈ ਜੋ ਕਿ ਤਿੰਨ ਲਾਇਨਾਂ ਵਿਚ ਬੱਝਾ ਹੁੰਦਾ ਹੈ। ਭਾਰਤੀ ਭਾਸ਼ਾਵਾਂ ਵਿਚ ਵਧੇਰੇਤਰ ਇਸੇ ਵਿਧਾਨ ਦੀ ਪਾਲਣਾ ਕੀਤੀ ਜਾਂਦੀ ਹੈ। ਇਸ ਵਿਚ ਪੂਰੇ ਅੱਖਰ ਗਿਣੇ ਜਾਂਦੇ ਹਨ, ਲਗਾਂ-ਮਾਤਰਾਵਾਂ ਨਹੀਂ ਗਿਣੀਆਂ ਜਾਂਦੀਆਂ। ਅੰਗਰੇਜੀ ਭਾਸ਼ਾ ਵਿਚ ਹਾਇਕੂ ਰਚਨ ਲਈ ਅੱਖਰਾਂ ਦੀ ਬਜਾਇ ਸ਼ਬਦ ਲਏ ਜਾਂਦੇ ਹਨ ਜਦਕਿ ਕ੍ਰਮ ਇਹੋ ਹੀ ਰਹਿੰਦਾ ਹੈ। ਸਾਡੇ ਕੁਝ ਸਾਹਿਤਕਾਰ ਵੀਰ ਉਕਤ ਵਿਧਾਨ ਨੂੰ ਤਿਆਗ ਕੇ ਹਾਇਕੂ ਰਚਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੀ ਰਚਨਾ ਨੂੰ ਹਾਇਕੂ ਦੀ ਬਜਾਇ ਜੇਨ ਪੋਇਟਰੀ ਕਹਿਣਾ ਵਧੇਰੇ ਉਚਿੱਤ ਹੈ।

                     ਹਾਇਕੂ ਵਿਧਾ ਨੂੰ ਭਾਰਤ ਵਿਚ ਸਥਾਪਤ ਕਰਨ ਲਈ ਹਿੰਦੀ ਵਿਦਵਾਨ ਸੱਤਯ ਭੂਸ਼ਨ ਵਰਮਾ ਦਾ ਅਹਿਮ ਯੋਗਦਾਨ ਹੈ ਅਤੇ ਇਸ ਮਕਸਦ ਦੀ ਪੂਰਤੀ ਹਿਤ ਇਨ੍ਹਾਂ ਨੇ 21 ਵਾਰ ਜਪਾਨ ਦੀ ਯਾਤਰਾ ਕੀਤੀ ਹੈ। ਇਸੇ ਕੜੀ ਨੂੰ ਅਗਾਂਹ ਤੋਰਨ ਵਿਚ ਹਿੰਦੀ ਵਿਦਵਾਨ ਭਗਵਤ ਸ਼ਰਣ ਅਗਰਵਾਲ ਦੇ ਯੋਗਦਾਨ ਨੂੰ ਵੀ ਅੱਖੋਂ-ਪ੍ਰੋਖੇ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਭਾਰਤੀ ਹਾਇਕੂਕਾਰਾਂ ਦਾ ਵਿਸ਼ਵਕੋਸ਼ ਤਿਆਰ ਕੀਤਾ ਹੈ ਜਿਸ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਅਨੇਕਾਂ ਹਾਇਕੂਕਾਰਾਂ ਦੇ ਹਵਾਲੇ ਵੀ ਦਰਜ ਹਨ। ਸ੍ਰੀ ਅਗਰਵਾਲ ਦੇ ਹਾਇਕੂ ਵੀ 25 ਦੇਸੀ ਵਿਦੇਸ਼ੀ ਭਾਸ਼ਾਵਾਂ ਵਿਚ ਛਪ ਚੁੱਕੇ ਹਨ।

                    ਭਾਰਤ ਵਿਚ ਹਾਇਕੂ ਲਿਖਣ ਦਾ ਕਾਰਜ 1951 ਦੇ ਆਸ ਪਾਸ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਸਦੀ ਦੇ ਅੰਤਿਮ ਦਹਾਕੇ ਵਿਚ ਪੰਜਾਬੀ ਭਾਸ਼ਾ ਵਿਚ ਵੀ ਹਾਇਕੂ ਦਾ ਆਗਾਜ਼ ਹੋਇਆ। ਪੰਜਾਬੀ ਹਾਇਕੂ ਦੇ ਆਗਾਜ਼ ਸਬੰਧੀ ਵਿਦਵਾਨਾਂ ਦੀ ਰਾਇ ਵਿਚ ਵਖਰੇਂਵਾਂ ਹੈ। ਸਾਡੇ ਕੁਝ ਪਰਵਾਸੀ ਪੰਜਾਬੀ ਵਿਦਵਾਨ ਵੀਰ ਪੰਜਾਬੀ ਹਾਇਕੂ ਦੀ ਆਮਦ ਵਿਦੇਸ਼ੀ ਹਾਂਿੲਕੂ ਦੇ ਅਨੁਵਾਦ ਤੋਂ ਹੋਈ ਮੰਨਦੇ ਹਨ। ਵਾਸਤਵ ਵਿਚ ਪੰਜਾਬੀ ਵਿਚ ਹਾਇਕੂ ਦਾ ਆਰੰਭ ਭਾਰਤੀ ਭਾਸ਼ਾਵਾਂ ਰਾਹੀਂ ਹੋਇਆ ਹੈ।  ਹਿੰਦੀ ਦੇ ਪ੍ਰਭਾਵ ਅਧੀਨ ਜਸੰਵਤ ਸਿੰਘ ਵਿਰਦੀ, ਬਸੰਤ ਕੁਮਾਰ ਰਤਨ ਅਤੇ ਉਰਮਿਲਾ ਨੇ ਪੰਜਾਬੀ ਭਾਸ਼ਾ ਵਿਚ ਹਾਇਕੂ ਲਿਖੇ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ 1997-98 ਵਿਚ ਅਦਬੀ ਪਰਿਕਰਮਾ ਦੇ ਸੰਪਾਦਕ ਕਸ਼ਮੀਰੀ ਲਾਲ ਚਾਵਲਾ ਨੇ ਹਾਇਕੂ ਦੇ ਪ੍ਰਸਾਰ ਲਈ ਵੱਡਾ ਉਪਰਾਲਾ ਕੀਤਾ। ਉਨ੍ਹਾਂ ਨੇ ਤਿੰਨ ਸਮਾਚਾਰ ਪੱਤਰਾਂ ਅਦਬੀ ਪਰਿਕਰਮਾ (ਪੰਜਾਬੀ), ਅਦਬੀ ਮਾਲਾ (ਹਿੰਦੀ) ਅਤੇ ਵਰਲਡ ਟੂ ਵਰਲਡ (ਅੰਗਰੇਜੀ) ਰਾਹੀਂ ਤਿੰਨੇ ਭਾਸ਼ਾਵਾਂ ਵਿਚ ਪੰਜਾਬੀ/ਭਾਰਤੀ ਹਾਇਕੂ ਦੇ ਵਿਸ਼ੇਸ਼ ਅੰਕ ਅਤੇ ਅਨੁਵਾਦ ਅੰਕ ਪ੍ਰਕਾਸ਼ਿਤ ਕੀਤੇ ਅਤੇ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਇਸ ਤੋਂ ਇਲਾਵਾ ਹਾਇਕੂ ਦੇ ਪ੍ਰਸਾਰ ਤੇ ਪ੍ਰਚਾਰ ਲਈ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ‘ਪੰਜਾਬੀ ਹਾਇਕੂ ਮੰਚ’ ਦੀ ਸਥਾਪਨਾ ਕੀਤੀ ਗਈ ਹੈ। ਸਮੇਂ ਸਮੇਂ ਹਾਇਕੂ ਕਵੀ ਦਰਬਾਰ ਵੀ ਆਯੋਜਿਤ ਕੀਤੇ ਜਾਂਦੇ ਹਨ। ਮੰਚ ਦੇ ਕਾਰਜਾਂ ਤੋਂ ਪ੍ਰਭਾਵਤ ਹੋ ਕੇ ਇਕ ਸੌ ਦੇ ਕਰੀਬ ਹਾਇਕੂਕਾਰ ਪੈਦਾ ਹੋ ਚੁੱਕੇ ਹਨ। ਰਾਸ਼ਟਰੀ ਪੱਧਰ ਤੇ ਵੀ ਪੰਜਾਬੀ ਹਾਇਕੂ ਦੇ ਪ੍ਰਸਾਰ ਦੇ ਯਤਨ ਜਾਰੀ ਹਨ। ਇਸ ਸਬੰਧ ਵਿਚ ਦਿੱਲੀ ਵਿਖੇ ਆਯੋਜਿਤ ਹਾਇਕੂ ਸਬੰਧੀ ਵਿਸ਼ੇਸ਼ ਸੈਮੀਨਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ (ਦਿੱਲੀ ਯੂਨਿਵਰਸਿਟੀ) ਦੇ ਪ੍ਰੋ. ਡਾ. ਪਰਮਜੀਤ ਕੌਰ ਦਿੱਲੀ ਨੇ ‘21ਵੀਂ ਸਦੀ ਦਾ ਪਹਿਲਾ ਦਹਾਕਾ-ਪੰਜਾਬੀ ਹਾਇਕੂ ਕਾਵਿ ਦੀ ਦਸਤਕ ’ ਵਿਸ਼ੇ ਅਧੀਨ ਆਪਣੇ ਵਿਚਾਰ ਪੇਸ਼ ਕਰਦਿਆਂ ਨੌਂ ਪੰਜਾਬੀ ਹਾਇਕੂ ਪੁਸਤਕਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚੋਂ ਪੰਜ ਪੁਸਤਕਾਂ ‘ਪੰਜਾਬੀ ਹਾਇਕੂ’(ਕਸ਼ਮੀਰੀ ਲਾਲ ਚਾਵਲਾ ਅਤੇ ਜਰਨੈਲ ਸਿੰਘ ਭੁੱਲਰ), ‘ਹਾਇਕੂ ਯਾਤਰਾ ’ ਤੇ ‘ਯਾਦਾਂ’(ਕਸ਼ਮੀਰੀ ਲਾਲ ਚਾਵਲਾ), ‘ਬਿਖ਼ਰੇ ਮੋਤੀ’ (ਮਲਕੀਤ ਸਿੰਘ ਸੰਧੂ) ਅਤੇ ‘ਸਮੇਂ ਦੀ ਸੂਈ’ (ਮਨੋਹਰ ਸਿੰਗਲ) ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਨਾਲ  ਸਬੰਧਤ ਹਾਇਕੂਕਾਰਾਂ ਦੀਆਂ ਹਨ। ਇਸ ਤੋਂ ਇਲਾਵਾ ਇਸ ਪਵਿੱਤਰ ਧਰਤੀ ਤੋਂ ਬਿਕਰਮਜੀਤ ਨੂਰ, ਪ੍ਰੋ. ਦਾਤਾਰ ਸਿੰਘ, ਡਾ. ਸੁਰਿੰਦਰ ਕੰਬੋਜ, ਬੂਟਾ ਸਿੰਘ ਵਾਕਫ਼, ਸੋਹਨ ਸਿੰਘ ਬਰਾੜ, ਸੁਖਦੇਵ ਕੌਰ ਚਮਕ, ਨਵਜੋਤ ਕੌਰ, ਸੰਨੀ ਤਨੇਜਾ ਆਦਿ ਸਰਗਰਮ ਹਾਇਕੂਕਾਰ ਹਨ। ਪੰਜਾਬੀ ਵਿਚ ਮਲਕੀਤ ਸਿੰਘ ਸੰਧੂ ਨੇ ਹਾਇਕੂ ਤੇ ਨਵੇਂ ਪ੍ਰਯੋਗ ਕਰਦਿਆਂ ਹਾਇਕੂ ਗ਼ਜ਼ਲ, ਹਾਇਕੂ ਰੂਬਾਈ, ਹਾਇਕੂ ਦੋਹੇ ਅਤੇ ਹਾਇਕੂ ਕਵਿਤਾ ਵੀ ਲਿਖੀ ਹੈ। ਹਾਇਕੂ ਦੇ ਪ੍ਰਸਾਰ ਸਬੰਧੀ ਡਾ. ਪ੍ਰੇਮ ਸਿੰਘ ਬਜਾਜ ਨਿਰਦੇਸ਼ਕ ਰੈਫਰੈਂਸ ਲਾਇਬਰੇਰੀ ਪੰਜਾਬੀ ਸਾਹਿਤ ਅਕਾਦਮੀ ਪੰਜਾਬੀ ਭਵਨ ਲੁਧਿਆਣਾ ਵੱਲੋਂ ਵੀ ਅਣਥੱਕ ਯਤਨ ਜਾਰੀ ਹਨ। ਹਾਇਕੂਕਾਰ ਹਾਇਕੂ ਸਬੰਧੀ ਆਪਣੀ ਸਮਗਰੀ ਉਨ੍ਹਾਂ ਨੂੰ ਵੀ ਭੇਜ ਸਕਦੇ ਹਨ।

                                                                             (ਸੰਪਾਦਕ, ਅਦਬੀ ਪਰਿਕਰਮਾ ਸ੍ਰੀ ਮੁਕਤਸਰ ਸਾਹਿਬ)

No comments:

Post a Comment