Saturday, June 23, 2012

ਚਰਚਾ...


----------------------------------------------------------------------------------
--------------------------------------------------------------------
-------------------------------------------------------
ਪੰਜਾਬੀ ਸਾਹਿਤ ਵਿੱਚ ਕਾਵਿ ਦੀ ਨਵੀਂ ਵਿਧਾ ‘ਹਾਇਕੂ’ ਦੀਆਂ ਭਵਿੱਖਮੁਖੀ ਸੰਭਾਵਨਾਵਾਂ 
----------------------------------------------------------------------------------
                                                                                                                    - ਡਾ. ਗੁਰਨਾਮ ਸਿੰਘ


ਆਜ਼ਾਦੀ ਪੂਰਵ ਪੰਜਾਬ ਵਿਚ ਕਵਿਤਾ ਦਾ ਬੜਾ ਬੋਲਬਾਲਾ ਹੁੰਦਾ ਸੀ ਅਤੇ ਮਹਾਨ ਕਵੀ ਦਰਬਾਰ ਸਜਾਏ ਜਾਂਦੇ ਸਨ ਤੇ ਪੰਜਾਬੀ ਪ੍ਰੇਮੀ ਹੁੰਮ ਹੁੰਮਾ ਕੇ ਵਹੀਰਾਂ ਦੇ ਰੂਪ ਵਿਚ ਸ਼ਿਰਕਤ ਕਰਦੇ ਹੁੰਦੇ ਸਨ। ਕਵਿਤਾ, ਖੁੱਲ੍ਹੀ ਕਵਿਤਾ ਤੇ ਅਕਵਿਤਾ ਰੂਪ ਨੇ ਆਮ ਲੋਕਾਂ ਕੋਲੋਂ ਕਾਵਿਕ ਰਸ ਖੋਹ ਲਿਆ। ਇਸੇ ਤਰ੍ਹਾਂ ਨਾਵਲ ਦਾ ਹਸ਼ਰ ਹੋਇਆ ਹੈ, ਜਿਸ ਵਿਚੋਂ ਪਹਿਲਾਂ ਲਘੂ ਨਾਵਲ ਤੇ ਫਿਰ ਨਿੱਕੀ ਕਹਾਣੀ ਦਾ ਜਨਮ ਹੋਇਆ, ਫਿਰ ਕਹਾਣੀ ਤੇ ਬਾਅਦ ਵਿਚ ਮਿੰਨੀ ਕਹਾਣੀ ਦਾ ਚਲਨ ਆਰੰਭ ਹੋਇਆ, ਜਿਸ ਦਾ ਵੀ ਨਤੀਜਾ ਸਾਰਿਆਂ ਸਾਹਮਣੇ ਹੈ। ਪੰਜਾਬੀ ਨਾਟਕ ਵਿਚੋਂ ਹੀ ਇਕਾਂਗੀ ਰੂਪ ਹੋਂਦ ਵਿਚ ਆਇਆ। ਹੁਣ ਪੰਜਾਬੀ ਕੋਲ ਇਕ ਨਵੀਂ ਵਿਧਾ ‘ਹਾਇਕੂ’ ਹੋਂਦ ਵਿਚ ਆ ਰਹੀ ਹੈ, ਜਿਸ ਦਾ ਜਨਮ ਸਥਾਨ ਜਾਪਾਨ ਹੈ ਅਤੇ ਉਥੋਂ ਪਰਮਿੰਦਰ ਸੋਢੀ ਦੀ ਬਦੌਲਤ ਪੰਜਾਬ ਵਿਚ ਪ੍ਰਵੇਸ਼ ਕਰਦੀ ਹੋਈ ਇਤਿਹਾਸਕ ਸ਼ਹਿਰ ਮੁਕਤਸਰ ਵਿਚ ਪੱਕੇ ਪੈਰ ਧਰਦੀ ਨਜ਼ਰੀ ਪੈ ਰਹੀ ਹੈ। ਇਸ ਕਾਵਿ ਵਿਧਾ ਦਾ ਫਾਰਮੂਲਾ 5+7+5 ਨਿਸ਼ਚਿਤ ਕੀਤਾ ਹੋਇਆ ਹੈ ਅਤੇ ਨਵੇਂ-ਨਵੇਂ ਬਣੇ ਕਵੀਆਂ ਦੇ ਪੈਰਾਂ ਹੇਠ ਬਟੇਰ ਆ ਗਿਆ ਮਹਿਸੂਸ ਹੁੰਦਾ ਹੈ ਕਿ ਹਰ ਕੋਈ ਇਸ ਵੰਨਗੀ ਨੂੰ ਕਾਨੀਬਧ ਕਰਨ ਉਤੇ ਆਮਾਦਾ ਹੋਈ ਫਿਰਦਾ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿਚ ਜਦੋਂ ਸਵਰਗੀ ਪ੍ਰੋਫੈਸਰ ਪੂਰਨ ਸਿੰਘ ਜਾਪਾਨ ਫੇਰੀ ਉਤੇ ਗਏ ਤਾਂ ਓਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਇਕ ਸਤਰੀ ਕਵਿਤਾ ਅਰਥਾਤ ਹਾਇਕੂ ਦਾ ਜ਼ਿਕਰ ਕੀਤਾ ਹੈ। ਬਾਅਦ ਵਿਚ ਸਵਰਗੀ ਰਣਧੀਰ ਸਿੰਘ ਨਿਊਯਾਰਕ ਨੇ ਇਕ ਨਵੀਂ ਕਾਵਿ-ਵਿਧਾ ਨਾਲ ਜਾਣ ਪਛਾਣ ਕਰਵਾਈ ਅਤੇ ਤਰਨੁੰਮ ਤੇ ਰਾਗਬਧ ਰੂਪ ਵਿਚ ਗਾ ਕੇ ਪ੍ਰਸਤੁਤ ਕੀਤੀ, ਜੋ ਹਾਇਕੂ ਦਾ ਰੂਪ ਧਾਰਦੀ ਹੋਈ ਮਿੰਨੀ ਕਵਿਤਾ ਹੀ ਦੱਸੀ ਤੇ ਮਾਣੀ ਜਾਂਦੀ ਰਹੀ। ਹਾਇਕੂ ਅਪਨਾਉਣ ਵਾਲਿਆਂ ਨੇ ਹੱਦ ਤਾਂ ਇਹ ਕਰ ਵਿਖਾਈ ਹੈ ਕਿ ਕਾਵਿ-ਵਿਧਾ ਦੀ ਸਭ ਤੋਂ ਸੂਖਮ ਵੰਨਗੀ ਗਜ਼ਲ ਨੂੰ  ਵੀ ਹਾਇਕੂ ਦੇ ਫਾਰਮੂਲੇ ਉਤੇ ਢੁਕਦੀ ਕਰਕੇ ਮੀਲ ਪੱਥਰ ਗੱਡ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰੀ ਕਾਲਜ, ਮੁਕਤਸਰ ਦੇ ਸਾਬਕਾ ਬਾਟਨੀ ਦੇ ਪ੍ਰੋਫੈਸਰ ਨਿਤਨੇਮ ਸਿੰਘ ਨੇ ਤਾਂ 5+7+5 ਨੂੰ ਆਧਾਰ ਮੰਨ ਕੇ ਇਕ ਗਜ਼ਲ ਸਰੋਤਿਆਂ ਸਨਮੁਖ ਕੀਤੀ ਹੈ, ਜਿਸ ਦੀ ਹਰ ਸਤਰ ਹਾਇਕੂ ਦਾ ਹੀ ਰੂਪ ਹੈ ਅਤੇ ਗਜ਼ਲ ਦਾ ਮੀਟਰ ਵੀ ਮੇਲ ਖਾਂਦਾ ਜਾਪਦਾ ਹੈ। ਪਾਠਕਾਂ ਦੇ ਗਿਆਨ ਗੋਚਰੇ ਇਹ ਗਜ਼ਲ ਪ੍ਰਸਤੁਤ ਕਰਨ ਦੀ ਖੁਸ਼ੀ ਲਈ ਜਾ ਰਹੀ ਹੈ:

ਕੈਸੀ ਲਾਚਾਰੀ/ਮਾਨਵ ਮੰਗੇ ਭੀਖ/ ਦੁਆਰਾਂ ਵਿਚ
ਫੈਲੇ ਸਹਿਮ/ਰੋਟੀ ਦੇ ਫ਼ਿਕਰ ਦਾ/ਲਾਚਾਰਾਂ ਵਿਚ
ਕਨੂੰਨ ਸੁੱਤਾ/ਅਨੁਸ਼ਾਸਨ ਮੂਕ/ਚਲਦੇ ਨੋਟ
ਨਿਆਂ ਖੇਡਦਾ/ਪੈਸੇ ਦੇ ਹੱਥਾਂ ਵਿਚ/ਵਿਕਦੇ ਲੋਕ
ਚੋਰ ਬਾਜ਼ਾਰੀ/ਚੀਜ਼ ਨਾ ਮਿਲੇ ਕੋਈ/ਬਾਜ਼ਾਰਾਂ ਵਿਚ
ਕੱਖਾਂ  ਦੀ ਕੁੱਲ੍ਹੀ/ਅੱਖਾਂ ਵਿਚ ਰੜਕੇ/ਸਰਕਾਰਾਂ ਨੂੰ
ਕਰੋ ਸਲਾਮਾਂ/ਜੇ ਜਿਉਂਦੇ ਰਹਿਣਾਂ/ਸਰਕਾਰਾਂ ਨੂੰ
ਡਰਦੇ ਮਾਰੇ/ਵੇਖ ਖੜਦੇ ਲੋਕ/ਕਤਾਰਾਂ ਵਿਚ
ਦੇਵੇ ਦੁਹਾਈ/ ਲਚਾਰ ਮਾਨਵਤਾ/ ਸੁਣੇ ਕੋਈ ਨਾ
ਰਹੀ ਨਾ ਛੱਤ/ਟੁੱਟੀਆਂ ਮੰਜੀਆਂ ਵੀ/ਬੂਹੇ ਕੋਈ ਨਾ
ਫੈਲੇ ਬਿਮਾਰੀ/ਮਰਦੇ ਇਨਸਾਨ/ਹਜ਼ਾਰਾਂ ਵਿਚ
ਸਕੂਲ ਖੁੱਲ੍ਹੇ/ਇਲਮ ਦੇ ਨਾਅਰੇ/ਨੇਤਾ ਲਾਉਂਦੇ
ਪੜ੍ਹਾਓ ਬੱਚੇ/ਰਹੋ ਨਾ ਅਨਪੜ੍ਹ/ਰੌਲਾ ਪਾਉਂਦੇ
ਬਦਲੇ ਰਾਜ/ਫ਼ਰਕ ਨਾ ਆਇਆ/ਵਿਚਾਰਾਂ ਵਿਚ
ਹੱਥਾਂ ਨੂੰ ਹੱਥ/ਖਾਈ ਜਾ ਕੇ ਫਿਰ ਵੀ/ਕੋਈ ਨਾ ਬੋਲੇ
ਜਿਹੜਾ ਬੋਲੇ/ਫਿਰ ਪਛਤਾਉਂਦਾ/ਭੇਦ ਨਾ ਖੋਲੇ
ਮੂਕ ਰਹਿੰਦੇ/ਗੁਜ਼ਾਰੇ ਵਕਤ ਨੂੰ/ਵਗਾਰਾਂ ਵਿਚ

ਇਸ ਸਤਾਰਾਂ ਸਤਰਾਂ ਦੀ ਗਜ਼ਲ ਮੇਰੀ ਜਾਚੇ ਸਤਾਰਾਂ ਹਾਇਕੂ ਹੀ ਹਨ, ਜਿਸ ਨੂੰ ਪ੍ਰੋਫੈਸਰ ਸਾਹਿਬ ਨੇ ਗਜ਼ਲ ਦਾ ਰੂਪ ਦੇ ਕੇ ਵਿਲਖਣਤਾ ਦਾ ਅਹਿਸਾਸ ਕਰਵਾਇਆ ਹੈ ਕਿ ਇਸ ਵਿਧਾ ਉਤੇ ਭਵਿੱਖ ਵਿਚ ਦੋਵੇਂ ਰੂਪਾਂ ਦੁਆਰਾ ਆਪਣੇ ਖਿਆਲਾਤ ਨੂੰ ਪ੍ਰਗਟਾਇਆ ਜਾ ਸਕਦਾ ਹੈ।

ਹਾਇਕੂ ਪੰਜਾਬੀ ਤੋਂ ਇਲਾਵਾ ਹਿੰਦੀ ਵਿਚ ਲਿਖੇ ਤੇ ਵਿਚਾਰੇ ਜਾ ਰਹੇ ਹਨ। ਮੁਕਤਸਰ ਜਿਲ੍ਹੇ ਵਿਚ ਇਸ ਦੀ ਸ਼ੁਰੂਆਤ ਸ੍ਰੀ ਕਸ਼ਮੀਰੀ ਲਾਲ ਚਾਵਲਾ ਨੇ ਕੀਤੀ ਹੈ, ਇਸ ਤੋਂ ਪਹਿਲੇ ਪੰਜਾਬੀ ਵਿਚ ਇਸ ਵੰਨਗੀ ਉਤੇ ਕਿਸੇ ਨੇ ਵੀ ਕਲਮ ਨਹੀਂ ਚਲਾਈ ਤੇ ਅਮਰਜੀਤ ਸਾਥੀ ਨੇ ਵੀ ਬਾਅਦ ਵਿਚ ਆਪਣੇ ਪਰਵਾਸ ਦੋਰਾਨ ਨਿਮਖ ਲਿਖ ਕੇ ਪੰਜਾਬ ਵਿਚ ਆ ਕੇ ਪੁਸਤਕ ਦਾ ਰੂਪ ਦਿੱਤਾ ਹੈ, ਜਦਕਿ ਕਸ਼ਮੀਰੀ ਲਾਲ ਇਸ ਪੱਖ ਤੋਂ 2005 ਵਿਚ ਆਪਣੇ ਸਾਹਿਤਕ ਸਾਥੀ ਸ. ਜਰਨੈਲ ਸਿੰਘ ਭੁੱਲਰ ਸੰਗ ਪਹਿਲੀ ਹਾਇਕੂ ਪੁਸਤਕ ਸਾਹਿਤਕ ਜਗਤ ਨੂੰ ਦਿੱਤੀ ਤੇ ਉਸ ਤੋਂ ਬਾਅਦ ਮਲਕੀਤ ਸਿੰਘ ਸੰਧੂ ਨੇ ‘ਬਿਖਰੇ ਮੋਤੀ’ ਕਸ਼ਮੀਰੀ ਲਾਲ ਚਾਵਲਾ ਨੇ ‘ਹਾਇਕੂ ਯਾਤਰਾ’ 2007 ਤੇ ‘ਬਾਂਕੇ ਦਰਿਆ’ 2012 (ਪੰਜਾਬੀ ਤੇ ਹਿੰਦੂ ਰੂਪ) ਮਨੋਹਰ ਸਿੰਗਲ ‘ਸੂਈ ਸਮੇਂ ਦੀ 2008 ਪ੍ਰੋ: ਨਿਤਨੇਮ ਸਿੰਘ ‘ਹਾਇਕੂ ਬੋਲਦਾ ਹੈ’ 2012, ਪ੍ਰੋ: ਜਰਨੈਲ ਸਿੰਘ ਭੁੱਲਰ ‘ਹਾਇਕੂ ਰਿਸ਼ਮਾਂ‘ 2012 ਤੇ ਇਕਬਾਲ ਦੀਪ (ਦਿੱਲੀ) ‘ਖਿਣ’ 2008 ਆਦਿ ਪੁਸਤਕਾਂ ਪਾਠਕਾਂ ਕੋਲ ਪਹੁੰਚਦੀਆਂ ਹੋ ਚੁੱਕੀਆਂ ਹਨ।

ਮੁਕਤਸਰ ਦੀ ਪਾਵਨ ਧਰਤੀ ਉਤੇ ਹਾਇਕੂ ਦਾ ਆਰੰਭ 1997-98 ਵਿਚ ਆਰੰਭ ਹੋ ਗਿਆ ਸੀ। ਇਥੇ ਹੀ ਤਿੰਨ ਭਾਸ਼ਾਵਾਂ ਵਿਚ ਅਨੁਵਾਦ ਦੇ ਅਖ਼ਬਾਰੀ (ਲੋਕਲ) ਅੰਕ ਪ੍ਰਕਾਸ਼ਿਤ ਕੀਤੇ ਗਏ। ਨਵੇਂ ਹਾਇਕੂਕਾਰ ਵੀ ਇਸੇ ਧਰਤੀ ਉਤੇ ਹੀ ਪੁੰਗਰੇ ਤੇ ਪਰਵਾਨਗੀ ਵੱਲ ਅਗਰਸਰ ਹਨ। ਇਸ ਵਿਧਾ ਉਤੇ ਟਿੱਪਣੀ ਕਰਦਿਆਂ ਸ. ਸ਼ਾਮ ਸਿੰਘ ਅੰਗ-ਸੰਗ ਨੇ 24 ਅਕਤੂਬਰ, 2004 ਨੂੰ ਪੰਜਾਬੀ ਟ੍ਰਿਬਿਊਨ ਵਿਚ ਅੰਕਿਤ ਕੀਤਾ ‘ਹਾਇਕੂ ਪੰਜਾਬੀ ਵਿਚ ਵੀ’, ਜਿਸ ਨੂੰ ਅਭਿਵਿਅਕਤ ਕਰਦਿਆਂ ਉਸ ਨੇ ਲਿਖਿਆ ਹੈ ਕਿ ਕਾਵਿਧਾਰਾ ਦੀ ਹਾਇਕੂ ਵਿਧਾ ਨੂੰ ਕੁਝ ਹੋਰ ਭਾਸ਼ਾਵਾਂ ਵਿਚ ਵੀ ਸਿਰਜਿਆ ਜਾਣ ਲੱਗ ਪਿਆ। ਜਾਪਾਨੀ ਕਵਿਤਾ ਵਿਚ ਤਾਂ ਹਾਇਕੂ ਨੇ ਆਪਣੀ ਉੱਘੀ ਥਾਂ ਬਣਾ ਲਈ ਤੇ ਚੰਗਾ ਨਾਂ ਬਣਾ ਲਿਆ । ਪੰਜਾਬੀ ਕਾਵਿਧਾਰਾ ਵਿਚ ਵੀ ਹੁਣ ਹਾਇਕੂ ਦੀ ਗੱਲ ਚੱਲਣ ਲੱਗ ਪਈ। ਪਰਮਿੰਦਰ ਸੋਢੀ ਵੱਲੋਂ ਜਾਪਾਨੀ ਹਾਇਕੂ ਦੀ ਗੱਲ ਪਹਿਲਾਂ ਪਹਿਲ ਤੋਰੀ ਗਈ ਸੀ ਜਦਕਿ ਉਸ ਵਕਤ ਇਸ ਬਾਰੇ ਕਿਸੇ ਨੂੰ ਨਹੀਂ ਸੀ ਪਤਾ। ਹੁਣ ਪੰਜਾਬੀ ਦੇ ਬੂਹੇ ਵੀ ਹਾਇਕੂ ਲਈ ਖੁੱਲ ਗਏ। ਹਾਇਕੂ ਹੁੰਦੇ ਤਿੰਨ ਸਤਰੇ। ਇਨ੍ਹਾਂ ਤਿੰਨ ਸਤਰਾਂ ਵਿਚ ਹੀ ਸਾਰੀ ਗੱਲ ਨੂੰ ਗੱਲ ਕਿਹਾ ਹੀ ਨਹੀਂ ਜਾਂਦਾ ਸਗੋਂ ਸਿਰੇ ਵੀ ਲਾ ਦਿੱਤਾ ਜਾਂਦਾ ਹੈ। ਭਾਰਤ ਦੀਆਂ ਕਈਂ ਭਾਸ਼ਾਵਾਂ ਵਿਚ ਹਾਇਕੂ ਪੰਜਾਬੀ ਵਿਚ ਅਨੁਵਾਦ ਕਰਕੇ ਮੁਕਤਸਰ ਤੋਂ ਛਪਦੇ ਪੰਦਰਾ ਰੋਜ਼ਾ ਪਰਚੇ ‘ ਅਦਬੀ ਪਰਿਕਰਮਾਂ’ ਦਾ ਵਿਸ਼ੇਸ਼ ਅੰਕ ਹੀ ਛਾਪ ਦਿੱਤਾ ਗਿਆ ਹੈ, ਜਿਸ ਦੇ ਕੁਝ ਨਮੂਨੇ ਦੇਖਣੇ ਠੀਕ ਰਹਿਣਗੇ -

* ਬਾਹਰ ਦੇਖੋ
ਭਟਕਣ ਮਿਲੇਗੀ
ਅੰਦਰ ਝਾਕ।                    ਅਤੇ

* ਪੇਟ ਦੀ ਭੁੱਖ
ਡਾਕੂ ਨਾ ਲੁਟ ਸਕੇ
ਜਿਉਂ ਹੈ ਭਾਰੀ।

ਹਾਇਕੂ ਵਿਚ ਬੌਧਿਕ ਗੱਲਾਂ ਵੀ ਕੀਤੀਆਂ ਜਾ ਸਕਦੀਆਂ ਤੇ ਦਾਰਸ਼ਨਿਕ ਵੀ, ਗੰਭੀਰ ਗੱਲਾਂ ਹੀ ਛੋਹੀਆਂ ਜਾ ਸਕਦੀਆਂ ਹਨ ਤੇ ਭਾਵੁਕ ਵੀ । ਹੋ ਸਕਦਾ ਹੈ, ਭਵਿੱਖ ਵਿਚ ਹਾਇਕੂ ਪੰਜਾਬੀ ਖੁੱਲ੍ਹੇ ਬੂਹਿਆਂ ਅੰਦਰ ਵੀ ਵੱਡੇ ਪੱਧਰ ਤੇ ਆਣ ਵੜੇ।

ਪੰਜਾਬ ਦੇ ਹਾਇਕੂਕਾਰਾਂ ਨੇ ਇਸ ਵਿਧਾ ਨੂੰ ਅਜਿਹਾ ਅਪਣਾਇਆ ਹੈ ਕਿ ਹੁਣ ਧੜਾਧੜ ਹਾਇਕੂ ਲਿਖਣ ਦੀ ਹੋੜ ਜਿਹੀ ਲੱਗ ਗਈ ਹੈ, ਪ੍ਰੰਤੂ ਮੁਕਤਸਰ ਤੋਂ ਦੂਜੇ ਜਿਲਿਆਂ ਵਿਚ ਅਜੇ ਇਸ ਦੀ ਜੋਤ ਟਾਂਵੀਂ ਟਿਲੀ ਹੀ ਦ੍ਰਿਸ਼ਟੀਗੋਚਰ ਹੋ ਰਹੀ ਹੈ। ਹਾਂ, ਕੁਝ ਤਾਂ  ਹਾਇਕੂ ਫਾਰਮੂਲੇ ਤਹਿਤ ਥੋੜ੍ਹੇ ਸ਼ਬਦਾਂ ਵਿਚ ਕਮਾਲ ਕਰਕੇ ਵਿਖਾਉਣ ਦਾ ਯਤਨ ਜ਼ਰੂਰ ਕੀਤਾ ਹੈ। ਜਗਤਾਰ ਲਾਡੀ ਦੇ ਨਮੂਨੇ ਵਜੋਂ ਲਿਖੇ ਦੋ ਹਾਇਕੂ ਪੇਸ਼ ਹਨ।

* ਰੁਜ਼ਗਾਰ ਲਈ
ਨੌਜਵਾਨ ਚੱਲਿਆ
ਨਹਿਰ ਕਿਨਾਰੇ ਤੇ ਟੈਂਕੀ ਉੱਤੇ।     ਅਤੇ

* ਸੋਹਣੀ ਕਲੋਨੀ
ਬਾਬੂ ਨੇ ਕੋਠੀ ਪਾਈ
ਬਿਰਧ ਆਸ਼ਰਮ ਦੇ ਨੇੜੇ।

ਇਨ੍ਹਾਂ ਦੋਹਾਂ ਹਾਇਕੂ ਨਮੂਨਿਆਂ ਵਿਚ ਫਾਰਮੂਲਾ ਇਕਦਮ ਕਿਨਾਰੇ ਜਾ ਲੱਗਿਆ ਹੈ, ਪ੍ਰੰਤੂ ਖ਼ਿਆਲਾਂ ਦੀ ਉਡਾਰੀ ਏਨੀ ਪ੍ਰਬਲ ਹੈ ਕਿ ਪਾਠਕ ਨੂੰ ਧੁਰ ਅੰਦਰ ਤਕ ਝੰਜੋੜਨ ਦੀ ਸ਼ਕਤੀ ਸਮੋਈ ਹੋਈ ਹੈ। ਮੁਕਤਸਰ ਦੇ ਹਾਇਕੂਕਾਰਾਂ ਤੋਂ ਜਾਣਕਾਰੀ ਹਾਸਲ ਕਰਕੇ ਪ੍ਰੋ: ਦਾਤਾਰ ਸਿੰਘ, ਪ੍ਰੋ: ਮਲਕੀਤ ਸਿੰਘ ਸੰਧੂ, ਬਿਕਰਮਜੀਤ ਸਿੰਘ ਨੂਰ, ਸੋਨੀ ਤਨੇਜਾ, ਡਾ: ਸੁਰਿੰਦਰ ਕੰਬੋਜ, ਸੋਹਣ ਸਿੰਘ ਬਰਾੜ, ਬੂਟਾ ਸਿੰਘ ਵਾਕਫ਼ ਤੇ ਸੁਖਦੇਵ ਕੌਰ ਚਮਕ ਵੀ ਇਸ ਵਿਧਾ ਉਤੇ ਕਲਮ ਅਜ਼ਮਾਈ ਕਰ ਰਹੇ ਹਨ, ਅਫਸੋਸ ਕਿ ਇਨ੍ਹਾਂ ਵਿਚੋ ਪ੍ਰੋ: ਮਲਕੀਤ ਸਿੰਘ ਗੁਰਪੁਰੀ ਸਿਧਾਰ ਗਿਆ ਹੈ। ਜਿਸ ਦਾ ਸ਼ਰਧਾਂਜਲੀ ਰੂਪ ਵਿਚ ਦੋ ਹਾਇਕੂ ਇਥੇ ਸ਼ਾਮਲ ਕੀਤੇ।

ਸੁਣ ਚਿਮਚੇ
ਚਮਚਾ ਹੀ ਰਹਿਣਾ
ਭੁੱਲ ਨਾ ਜਾਈ                 ਅਤੇ

ਭਾਸ਼ਣ ਦੇਣਾ
ਜਨਤਾ ਦੂਰ ਬਿਠਾ ਕੇ
ਗੀਤ ਗਾਏ ਨੇ।

ਪ੍ਰੋਫੈਸਰ ਦਾਤਾਰ ਸਿੰਘ ਨੇ ਜੋ ਹਾਇਕੂ ਲਿਖੇ ਹਨ, ਉਨ੍ਹਾਂ ਵਿਚੋਂ ਪਾਠਕਾਂ ਦੇ ਧਿਆਨ ਗੋਚਰੇ ਦੋ ਮਿਸਾਲ ਰੂਪ ਵਿਚ ਪੇਸ਼ ਹਨ: 
ਪੂਨਮ ਰਾਤ
ਦੁੱਧ ਛੱਟੇ ਵੱਜਦੇ
ਗੋਰੇ ਮੁੱਖ ਤੇ।                 ਅਤੇ

ਰੁੱਤ ਬਹਾਰ
ਧਰਤੀ ਪਹਿਨਿਆਂ
ਹਰਿਆ ਸਾਲੂ।

ਬੂਟਾ ਸਿੰਘ ‘ਵਾਕਫ਼’ ਨੇ ਰੁਮਾਂਚਵਾਦੀ ਸੁਰ ਵਿਚ ਅਤੇ ਧੀਆਂ- ਧਿਆਣੀਆਂ ਦੇ ਪੱਖ ਵਿਚ ਹਾਇਕੂ ਲਿਖੇ ਹਨ:

ਜ਼ਿੰਦਗੀ ਤੂੰ ਆ
ਜ਼ੁਲਫਾਂ ਸੁਆਰ ਕੇ
ਗੀਤ ਗਾਈੇਏ।                ਅਤੇ

ਕੋਮਲ ਧੀਆਂ
ਵਿਹੜੇ ਦੀ ਰੋਣਕ
ਮਾਣ ਘਰਾਂ ਦਾ।

ਪੰਜਾਬੀ ਦੇ ਪਹਿਲੇ ਹਾਇਕੂਕਾਰ ਕਸ਼ਮੀਰੀ ਲਾਲ ਚਾਵਲਾ ਨੇ ਜੋ ਹਾਇਕੂ ਪੁਸਤਕਾਂ ਛਾਪੀਆਂ ਹਨ, ਉਨ੍ਹਾਂ ਵਿਚੋਂ ਦੋ ਹਾਇਕੂ ਇਥੇ ਦਿੱਤੇ ਜਾ ਰਹੇ ਹਨ:

ਕਦੇ ਸਾਗਰ
ਹੈ ਕਦੇ ਸਮੁੰਦਰ
ਬੂੰਦ ਜ਼ਿੰਦਗੀ।               ਅਤੇ

ਮੇਰੇ ਦਾਤਿਆ
ਤੂੰ ਦਿੱਤੀ ਮਾਤ ਭੂਮੀ
ਹੋਰ ਕੀ ਚਾਹਾਂ?

ਜਰਨੈਲ ਸਿੰਘ ਭੁੱਲਰ ਇਕ ਹੋਰ ਸੁਲਝਿਆ ਹੋਇਆ ਹਾਇਕੂਕਾਰ ਹੈ, ਜਿਸ ਦੇ ਵੀ ਦੋ ਹਾਇਕੂ ਸ਼ਾਮਿਲ ਕੀਤੇ ਜਾ ਰਹੇ ਹਨ:

ਪਰਾਲੀ ਸੜੀ
ਪ੍ਰਦੂਸ਼ਨ ਅਤੇ ਵਧਿਆ
ਧੂੰਆਂ ਹੀ ਧੂੰਆਂ।              ਅਤੇ

ਨੀਵਾਂ ਹੋਇਆ
ਫਿਰ ਪਾਣੀ ਲੈਵਲ
ਬਣੀ ਚੁਣੌਤੀ।

ਬਿਕਰਮਜੀਤ ਸਿੰਘ ਨੂਰ ਨੇ ਹਾਇਕੂ ਉੱਤੇ ਕਲਮ ਚਲਾਉਂਦਿਆਂ ਪਾਠਕਾਂ ਗੋਚਰੇ ਕੁਝ ਨਮੂਨੇ ਪ੍ਰਸਤੁਤ ਕੀਤੇ ਹਨ:

ਬੰਦੇ ਅੰਦਰ
ਇਕ ਹੋਰ ਬੰਦਾ ਏ
ਬੰਦੇ ਤੂੰ ਜਾਣ।                ਅਤੇ

ਪੈਸਾ ਵਧਿਆ
ਅਕਲ ਮਾਰੀ ਗਈ
ਨੀਂਦ ਵੀ ਉਡੀ।

ਡਾ: ਮਨੋਹਰ ਸਿੰਗਲ ਦੁਆਰਾ ਵੀ ਹਾਇਕੂ ਰਚਨਾ ਕੀਤੀ ਗਈ ਹੈ, ਜਿਸ ਦਾ ਹਵਾਲਾ ਇਨ੍ਹਾਂ ਤੋਂ ਸਹਿਜੇ ਹੀ ਹੋ ਜਾਂਦਾ ਹੈ:
ਬੋਲੋ ਜ਼ਿਆਦਾ

ਸੁਣਦਾ ਉਹ ਘੱਟ
ਮਚਲੇ ਬੰਦਾ।                ਅਤੇ
ਚੋਰਾਂ ’ਚ ਰਲ

ਚੋਰ ਬਣਿਆ ਉਹ
ਖੁਦ ਬ ਖੁਦ ।

ਮੀਨੂ ਸ਼ਰਮਾ ਸੁਖਮਨਾ ਨੇ ਵੀ ਹਾਇਕੂ ਉਤੇ ਕਲਮ ਚਲਾਈ ਹੈ, ਜਿਸ ਦਾ ਹਵਾਲਾ ਇਨ੍ਹਾਂ ਤੋਂ ਨਿਸ਼ਚੇ ਹੀ ਹੋ ਜਾਂਦਾ ਹੈ:

ਤੂੰ ਕੌਣ ਨਹੀਂ
ਸਭ ਕੁਛ ਹੈ ਮੇਰਾ
ਜ਼ਿੰਦਗੀ ਮੇਰੀ।              ਅਤੇ

ਬੌਛਾੜ ਫੈਲੀ
ਸਮਾਂ ਖਿਲ ਗਿਆ ਹੈ
ਸੁਹਾਣੀ ਘਟਾ।

ਕੈਨੇਡਾ ਵਾਸੀ ਸ. ਅਮਰਜੀਤ ਸਿੰਘ ਸਾਥੀ ਨੇ ਬੜੇ ਖੂਬਸੂਰਤ ਹਾਇਕੂ ਲਿਖੇ ਹਨ, ਜੋ ਇਥੇ ਸ਼ਾਮਿਲ ਕੀਤੇ ਜਾ ਰਹੇ ਹਨ:

ਇਕ ਦੂਣੀ ਦੂਣੀ
ਬੱਚਾ ਪੜ੍ਹੇ ਪਹਾੜੇ
ਬੀਬੀ ਕੱਤੇ ਪੂਣੀ।            ਅਤੇ

ਰੁੱਖੀ ਪਤਝੜ ਆਈ
ਬੇਬੇ ਦੀ ਫੁਲਕਾਰੀ
ਧੁੱਪੇ ਸੁਕਣੀ ਪਾਈ।

ਭਾਵੇਂ ਇਨ੍ਹਾਂ ਦੋਹਾਂ ਵਿਚ ਵਜ਼ਨ/ਫਾਰਮੂਲੇ ਦਾ ਧਿਆਨ ਨਹੀਂ ਰੱਖਿਆ ਗਿਆ, ਪ੍ਰੰਤੂ ਖਿਆਲਾਂ ਵਿਚ ਪੁਖਤਗੀ ਦ੍ਰਿਸ਼ਟੀਗੋਚਰ ਹੋ ਰਹੀ ਹੈ। ਡਾ: ਪਰਮਜੀਤ ਕੌਰ ਤੇ ਕਥਨ ਅਨੁਸਾਰ ਕਿ ਅਮਰਜੀਤ ਸਾਥੀ ਦੀ ਪੁਸਤਕ ‘ਨਿਮਖ’ ਉੱਤੇ ਸ੍ਰੀ ਨਵਤੇਜ਼ ਭਾਰਤੀ ਤੇ ਸਵਰਗੀ ਹਰਿੰਦਰ ਸਿੰਘ ਮਹਿਬੂਬ ਤੇ ਸਵਰਗੀ ਡਾ: ਸੁਤਿੰਦਰ ਸਿੰਘ ਨੂਰ ਨੇ ਰਲੀ ਮਿਲੀ ਪ੍ਰਕਿਆ ਪ੍ਰਗਟਾਉਂਦਿਆਂ ਕਿਹਾ ਕਿ ‘ਨਿਮਖ’ ਪੁਸਤਕ ਦਾ ਕਮਾਲ ਇਸ ਦੇ ਸੂਖਮ ਕਾਵਿਕਤਾ ਤੇ ਸਾਦੀ ਭਾਸ਼ਾ ਵਿਚ ਹੈ। ਇਹ ਪੰਜਾਬੀ ਭਾਵ ਬੋਧ ਤੇ ਜਾਪਾਨੀ ਜੈਨ ਸੁਰਤ ਨਾਲ ਜੁੜੀ ਹੋਈ ਹੈ। ਇਹ ਦੂਸਰੇ ਅਵਚੇਤਨ ਦੀ ਕਵਿਤਾ ਹੈ, ਜੋ ਪਾਠਕ ਨੂੰ ਕੀਲਦੀ ਤੁਰੀ ਜਾਂਦੀ ਹੈ। ਨਵਤੇਜ਼ ਭਾਰਤੀ ਇਸ ਨੂੰ ਨਿਸ਼ਕਾਮ ਦ੍ਰਿਸ਼ਟੀ ਦੀ ਕਵਿਤਾ ਕਹਿੰਦਾ ਹੈ। ਡਾ ਪ੍ਰਿਥਵੀ ਰਾਜ ਥਾਪਰ ਦਾ ਕਹਿਣਾ ਹੈ ਕਿ ਇਸ ਪੁਸਤਕ ਅੰਦਰ ਕਵੀ ਦਾ ਅੱਧੀ ਸਦੀ ਦਾ ਅਨੁਭਵ ਬੋਲਦਾ ਹੈ। ਕਵੀ ਬਹੁਤ ਹੀ ਨੀਝ ਨਾਲ ਵੇਖੇ ਪਰਖੇ ਜ਼ਿੰਦਗੀ ਦੇ ਸੱਚ ਨੂੰ ਪਾਠਕਾਂ ਦੇ ਰੂ -ਬ- ਰੂ ਕਰਦਾ ਹੈ।

ਅਮਰਜੀਤ ਸਾਥੀ ਦੇ ਹਾਇਕੂ ਦੀ 17 ਧੁਨੀ ਚਿੰਨ੍ਹਾਂ ਵਾਲੀ ਪਰੰਪਰਾ ਨੂੰ ਆਧਾਰ ਨਹੀਂ ਬਣਾਇਆ ਬਲਕਿ ਉਸ ਦੇ ਰਚਿਤ ਹਾਇਕੂ ਵਿਚ ਤਾਂ ਇਹ ਗਿਣਤੀ ਕਈ ਥਾਵੀਂ 25-26 ਅੱਖਰਾਂ ਤੱਕ ਪੁੱਜ ਜਾਂਦੀ ਹੈ। ਜਿਵੇਂ:

ਕੱਤਕ ਮੂਹਰੇ ਸੁਹਾਵਣ੍ਯਾ
ਘਰ ਮੂਹਰੇ ਗੁਲ ਦਾਉਦੀਆਂ
ਵਿਹੜੇ ਰੰਗਲੇ ਰੁਖ।

ਅਮਰਜੀਤ ਸਾਥੀ ਦੀ ਕਵਿਤਾ ਦਾ ਅਮੀਰੀ ਗੁਣ ਦ੍ਰਿਸ਼ ਵਰਣਨ ਵਿਚ ਹੈ:

ਹਰਿਮੰਦਰ ਪਰਿਕਰਮਾ
ਮਾਪੇ ਟੇਕਣ ਮੱਥਾ
ਬੱਚੇ ਵੇਖਣ ਮੱਛੀਆਂ।

ਅੱਜ ਦੇ ਪਦਾਰਥੀ ਮਨੁੱਖ ਦੀ ਹੋਣੀ ਜਿਸ ਵਿਚ ਬੱਚੇ ਦਾ ਬਚਪਨ ਤੇ ਬਜ਼ੁਰਗਾਂ ਦੀ ਸੰਭਾਲ ਦੋਵੇਂ ਹੀ ਗੁੰਮ ਗਏ:

ਉਲਝੇ ਤਾਣੇ ਬਾਣੇ
ਡੇ ਕੇਅਰ ਵਿਚ ਬੱਚੇ
ਬਿਰਧ ਘਰਾਂ ਵਿਚ ਸਿਆਣੇ।

ਅਮਰਜੀਤ ਸਾਥੀ ਦੀ ਕਵਿਤਾ ਵਿਚੋਂ ਕਿਰਸਾਨੀ ਸੰਕਟ ਵੀ ਉਭਰਵੇਂ ਰੂਪ ਵਿਚ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ:

ਪਾਣੀ ਲਾਉਂਦਾ ਸੌਂ ਗਿਆ
ਲੈ ਸਰਹਾਣੇ ਵੱਟ
ਲੱਗਾ ਬਿਜਲੀ ਕੱਟ।

ਸੰਰਚਨਾ ਦੀ ਵਿਧੀ ਪੱਖੋਂ ਭਾਵੇਂ ਇਸ ਪੁਸਤਕ ਵਿਚ 5-7-5 ਦੀ ਧੁਨੀ ਚਿੰਨ੍ਹਾਂ ਦਾ ਅੰਕੜਾ ਵੱਧ ਘੱਟ ਹੈ, ਪਰ ਇਹ ਤਿੰਨ ਪੰਕਤੀਆਂ ਵਿਚ ਹੈ, ਇਸ ਲਈ ਰੂਪਕ ਪੱਖ ਤੋਂ ਇਹ ਜਾਪਾਨੀ ਜ਼ੇਨ ਹਾਇਕੂ ਕਵਿਤਾ ਨੂੰ ਆਧਾਰ ਬਣਾਉਂਦੀ ਹੈ। 

ਅਮਰਜੀਤ ਸਿੰਘ ਸਾਥੀ ਦੀ ਹੀ ਸੋਚਣੀ ਨੂੰ ਅੱਗੇ ਤੋਰਦਿਆਂ ਸਰਦਾਰ ਇਕਬਾਲ ਦੀਪ ਅੱਗੇ ਕਦਮ ਪੁਟਦਾ ਹੈ, ਜਿਸ ਦੀ ਪੁਸਤਕ ‘ਖਿਣ’ ਉਤੇ ਟਿੱਪਣੀ ਕਰਦਿਆਂ ਡਾ: ਕਰਨਜੀਤ ਸਿੰਘ ਨੇ ਕਿਹਾ ਹੈ ਕਿ ਇਸ ਨੂੰ ਅਸਮਾਨੀ ਰੰਗਾਂ ਦੇ ਜਲੌ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ। ਡਾ: ਨਰਿੰਦਰ ਸਿੰਘ ਪੁਸਤਕ ਦੀ ਭੂਮਿਕਾ ਵਿਚ ਜ਼ਿਕਰ ਕਰਦਿਆਂ ਲਿਖਿਆ ਹੈ ਕਿ ‘ਖਿਣ’ ਸਮੇਂ ਦੀ ਲਘੂਤਮ ਇਕਾਈ ਹੈ। ਇਸ ਵਿਚ ਮਾਨਵੀ ਤਿਉਹਾਰਾਂ ਨੂੰ ਪਕੜਨ, ਘੋਖਣ, ਪੜਲੋਚਣ ਦਾ ਪੁਰਜ਼ੋਰ ਯਤਨ ਹੈ।

‘ਖਿਣ’ ਪੁਸਤਕ ਵਿਚ ਜਿੱਥੇ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦੀ ਸੋਝੀ ਹੁੰਦੀ ਹੈ, ਉਥੇ ਸਮਾਜ ਦੀ ਸਥਿਤੀ ਤੇ ਉਸ ਦੀ ਵਿਦਿਅਕ ਪ੍ਰਣਾਲੀ ਬਾਰੇ ਗੁੱਝਾ ਵਿਅੰਗ ਮਿਲਦਾ ਹੈ:

ਵਿੱਦਿਆ ਦਹਿਸ਼ਤਮਾਰੀ
ਡਾਢੀ ਔਖੀ ਭਾਰੀ
ਚੁੱਕ ਨਾ ਸਕੇ ਖਾਰੀ।

‘ਖਿਣ’ਪੁਸਤਕ ਦੀਆਂ ਇਨ੍ਹਾਂ ਹਾਇਕੂ ਕਵਿਤਾਵਾਂ ਦੀ ਖੂਬੀ ਰੂਪਕ ਤੇ ਸ਼ੈਲੀ ਪੱਖ ਤੋਂ ਵਿਚਾਰਨ ਤੇ ਪਤਾ ਲੱਗਦਾ ਹੈ ਕਿ ਇਸ ਕਵਿਤਾ ਵਿਚ ਰਸ, ਲੈਅ ਤੇ ਵਿਚਾਰ ਦੇ ਨਾਲ ਇਕ ਸੰਗੀਤਕ ਧੁਨ ਪੈਦਾ ਹੁੰਦੀ ਹੈ। ਇਹ ਤ੍ਰੈਪਦੇ ਹਾਇਕੂ ਨਿੱਕੇ ਨਿੱਕੇ ਪ੍ਰਭਾਵ ਦੇ ਸੰਵੇਦਨਸ਼ੀਲਤਾ ਦਾ ਖਜ਼ਾਨਾ ਹੈ। ਡਾ: ਨਰਿੰਦਰ ਸਿੰਘ ਨੇ ਇਸ ਕਵਿਤਾ ਨੂੰ ਛੋਟੀ ਚਾਦਰ ਵਿਚ ਪੂਰੇ ਪੈਰ ਪਸਾਰਣ ਦੀ ਕਲਾ ਕਿਹਾ ਹੈ। ਡਾ: ਪਰਮਜੀਤ ਕੌਰ ਨੇ ਆਪਣੇ ਪਰਚੇ ਵਿਚ ਉਪਰੋਕਤ ਤੋਂ ਇਲਾਵਾ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਹਾਇਕੂ ਜਿੰਨੇ ਬਾਹਰੀ ਬਣਤਰ ਤੇ ਵਿਧੀ ਪੱਖੋਂ ਸਰਲ ਲਗਦੇ ਹਨ, ਉਨੇ ਕਈ ਵਾਰ ਪੜ੍ਹਨ ਨਾਲ ਗਹਿਰੇ ਅਰਥਾਂ ਦਾ ਸੰਚਾਰ ਕਰਦੇ ਜਾਂਦੇ ਹਨ। ਇਹ ਰਚਨਾ ਆਪ੍ਣੇ ਸਮੇਂ ਦਾ ਸੱਚ ਹੋਣ ਦੇ ਬਾਵਜੂਦ ਸਮੇਂ ਤੋਂ ਪਾਰ ਜਾਨਣ ਦੀ ਸਮੱਰਥਾ ਰਖਦੀ ਹੈ। ਇਸੇ ਲਈ ਇਹ ਪ੍ਰਭਾਵਸ਼ਾਲੀ ਹੈ:
ਤੂੰ ਤਬਲਾ ਜ਼ਾਕਿਰ ਹੁਸੈਨ ਦਾ ਬੰਸਰੀ ਚੌਰਸੀਆਂ ਦੀ।

ਸਮੇਂ ਨੂੰ ਪਛਾਨਣ ਦਾ ਅਹਿਸਾਸ ‘ਖਿਣ’ ਦੇ ਹਾਇਕੂ ਕਾਵਿ ਵਿਚ ਬੜੀ ਸ਼ਿਦੱਤ ਨਾਲ ਪ੍ਰਗਟ ਹੋਇਆ ਹੈ:

ਵੱਤ ’ਚ ਕੇਰੇ ਹੁੰਦੇ ਬੀਅ
ਹਾਸਿਆਂ ਦੀ ਫਸਲ ਭਲਾਂ
ਸਾਂਭਿਆਂ ਸਾਂਭੀ ਜਾਂਦੀ।

ਤਕਨਾਲੋਜੀ ਦੇ ਯੁੱਗ ਵਿਚ ਬੱਚੇ ਦੀ ਜੀਵਨ ਸ਼ੈਲੀ ਤੇ ਮਨੁੱਖ ਦੀ ਹੋਣੀ ਕੁਝ ਇਸ ਤਰ੍ਹਾਂ ਹੋ ਗਈ ਹੈ:

ਮੰਗਲ ਤੇ ਚੱਲੇ
ਘਰ ਵਸਾਣ
ਬੁਲਡੋਜ਼ਰ ਨਾਲ।            ਅਤੇ

ਘੋਰ ਕਲਯੁੱਗ
ਕਦੋਂ ਸੀ
ਸਤਿ ਯੁੱਗ।

ਮਨੁੱਖ ਇਸ ਸੰਸਾਰ ਵਿਚ ਖਪਤ ਹੋਇਆ ਆਖਰ ਇਕ ਦਿਨ ਤੁਰ ਜਾਂਦਾ ਹੈ:

ਦਿਨ ਗਿਣਦਾ
ਤਨਖਾਹ ਮਿਣਦਾ
ਉਹ ਤੁਰ ਗਿਆ।

ਸੁਰਜੀਤ ਆਰਟਿਸਟ ਦੀ ਪੁਸਤਕ ਬੂੰਦਾਂ ਦਾ ਜ਼ਿਕਰ ਕਰਦਿਆਂ ਡਾ: ਪਰਮਜੀਤ ਕੌਰ ਜਾਣੂੰ ਕਰਵਾਉਂਦੀ ਹੈ ਕਿ ਸੁਰਜੀਤ ਆਰਟਿਸਟ ਦੀ ਹਾਇਕੂ ਕਵਿਤਾ ਸਾਡੇ ਧਿਆਨ ਦੀ ਮੰਗ ਕਰਦੀ ਹੈ, ਇਸ ਵਿਚ ਜਿੱਥੇ ਪਿਆਰ ਦੀ ਸ਼ਿਦਤ ਦਾ ਅਹਿਸਾਸ ਹੈ, ਉਥੇ ਧਾਰਮਿਕ ਰੰਗਣ ਦੇ ਝਲਕਾਰੇ ਵੀ ਮਿਲਦੇ ਹਨ:

ਜੇ ਜਪੇ ਰਾਮ
ਸੰਵਰਦੇ ਉਸ ਦੇ
ਆਪੇ ਹੀ ਕਾਮ।               ਅਤੇ

ਕੀ ਕੀਤਾ ਹਾਂ
ਤੇਰਾ ਪਿਆਰ ਮੇਰਾ
ਬਣੇ ਸ਼ੁਦਾਈ।                  ਅਤੇ  

ਪੀੜ ਸਹਿਣੀ
ਨਿਸ਼ਾਨੀ ਪਿਆਰ ਦੀ
ਮਨ ਦੇ ਨਾਲ।

ਇਹ ਹਾਇਕੂ ਕਾਵਿ ਪਰੰਪਰਾ ਵਿਚ ਪਹਿਲਾ ਕੰਮ ਹੈ ਇਸ ਲਈ ਇਸ ਦੀ ਸਥਿਤੀ ਤੇ ਸੰਭਾਨਾਵਾਂ ਖੁੱਲ੍ਹੀਆਂ ਹਨ। ਨਵੀਂ ਸਦੀ ਦੀ ਆਮਦ ਦੇ ਨਾਲ ਜਿੱਥੇ ਕਲਾ ਤੇ ਸਾਹਿਤ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਉਥੇ ਪੰਜਾਬੀ ਕਾਵਿ ਪਰੰਪਰਾ ਦੇ ਇਤਿਹਾਸ ਵਿਚ ਪੰਜਾਬੀ ਹਾਇਕੂ ਕਾਵਿ ਦਾ ਨੋਟਿਸ ਲਏ ਜਾਣ ਸਮੇਂ ਦੀ ਮੰਗ ਹੇ। ਅੱਜ ਹਾਇਕੂ ਕਵੀ ਨਵੇਂ ਨਵੇਂ ਪ੍ਰਯੋਗ ਕਰ ਰਹੇ ਹਨ ਜਿਵੇਂ ਹਾਇਕੂ ਤ੍ਰੈਪਦੇ, ਹਾਇਕੂ ਗੀਤ, ਹਾਇਕੂ ਕਵਿਤਾ, ਹਾਇਕੂ ਦੋਪਦੇ, ਹਾਇਕੂ ਗਜ਼ਲ ਤੇ ਹਾਇਕੂ ਰੁਬਾਈ ਆਦਿ। ਹਾਇਕੂ ਕਵਿਤਾ ਉਹ ਕਵਿਤਾ ਹੈ, ਜਿਸ ਦਾ ਆਕਾਰ ਨਿਸ਼ਚਿਤ ਹੈ ਭਾਵ, ਤਿੰਨ ਪੰਕਤੀਆਂ ਵਿਚ ਮੁਕੰਮਲ ਕਵਿਤਾ ਕਹਾਣੀ। ਦੂਸਰਾ ਇਸ ਦੀ ਸੰਰਚਨਾ 5-7-5 ਦੇ ਪੈਰਾਮੀਟਰ ਅਨੁਸਾਰ ਹੋਣੀ ਚਾਹੀਦੀ ਹੈ, ਤੀਸਰਾ ਨੁਕਤਾ ਉਸ ਦੇ ਸਾਹਮਣੇ ਵਾਪਰ ਰਹੇ ਛਿਣ ਨੂੰ ਫੜਨਾ ਹੈ। ਜਿਸ ਨਾਲ ਸਾਡੀ ਚੇਤਨਾ ਜਾਗ ਉਠੇ। ਇਸ ਵਿਚ ਪ੍ਰਕਿਰਤੀ ਦੀ ਇਕਸਾਰਤਾ ਕੁਦਰਤੀ ਮੌਸਮੀ ਵਰਤਾਰੇ ਦੇ ਦ੍ਰਿਸ਼ ਵਰਣਨ ਕਰਕੇ ਇਹ ਵਿਧੀ ਪੱਖੋਂ ਵੱਖਰੀ ਵਿਧਾ ਹੈ। ਇਸ ਕਵਿਤਾ ਨੇ ਆਪਣੇ ਮੂਲ ਸੁਭਾਅ, ਸੰਖੇਪਤਾ, ਸੂਖਮਤਾ ਤੇ ਸੁਹਜਤਾ ਨੂੰ ਦੇਸ਼ ਕਾਲ ਦੀ ਹਰ ਸੀਮਾ ਤੋਂ ਪਾਰ ਜਾ ਕੇ ਵੀ ਕਾਇਮ ਰੱਖਿਆ ਹੈ ਤੇ ਇਹੀ ਇਸ ਹਾਇਕੂ ਕਾਵਿਧਾਰਾ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ।

ਪੰਜਾਬੀ ਦੇ ਪੰਜਾਬ ਵਿਚ ਚਲੇ ਹਾਇਕੂ ਚਲਨ ਦੇ ਮੋਢੀ ਹਾਇਕੂਕਾਰ ਕਸ਼ਮੀਰੀ ਲਾਲ ਚਾਵਲਾ ਦਾ ਆਪ੍ਣਾ ਕਥਨ ਹੈ ਕਿ ਇਕ ਪਲ ਵਿਚ ਘਟੀ ਘਟਨਾ ਨੂੰ ਸ਼ਬਦਾਂ ਰਾਹੀਂ ਬਿਆਨ ਕਰਨ ਵਾਲੀ ਲਘੂ ਕਵਿਤਾ ਨੂੰ ਹਾਇਕੂ ਕਿਹਾ ਜਾਂਦਾ ਹੈ। ਜਾਪਾਨ ਵਿਚ ਜ਼ਿਆਦਾ ਹਾਇਕੂ ਕੁਦਰਤ ਬਾਰੇ ਲਿਖੇ ਜਾਂਦੇ ਹਨ। ਜਾਪਾਨ ਦੇ ਵਿਧਾਨ ਅਨੁਸਾਰ ਹਾਇਕੂ ਤਿੰਨ ਪੰਕਤੀਆਂ ਦੀ ਕਵਿਤਾ ਹੈ, ਜਿਸ ਵਿਚ ਪਹਿਲੀ ਪੰਕਤੀ ਵਿਚ ਪੰਜ ਅੱਖਰ ਦੂਜੀ ਵਿਚ ਸੱਤ ਤੇ ਤੀਜੀ ਵਿਚ ਪੰਜ ਅੱਖਰ ਲਏ ਜਾਂਦੇ ਹਨ, ਇਸ ਤਰ੍ਹਾਂ 5+7+5=17 ਅੱਖਰੀ ਕ੍ਰਮ ਹੈ। ਇਸ ਦੇ ਉਲਟ ਜੇਕਰ ਪੰਕਤੀਆਂ ਤਿੰਨ ਹੋਣ ਪਰ ਅੱਖਰਾਂ ਦੀ ਸੀਮਾ ਨਾ ਹੋਵੇ ਤਾਂ ਉਸ ਨੂੰ ਜ਼ੇਨ ਪੋਇਟਰੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ 17 ਅੱਖਰਾਂ ਦਾ ਨਿਯਮ ਲਾਗੂ ਹੈ। ਇਸ ਵਿਚ ਅੱਧੇ ਅੱਖਰ ਤੇ ਲਗਾਂ-ਮਾਤਰਾਵਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਮੁਕਤਸਰ ਦੇ ਨਾਲ ਸਬੰਧ ਰੱਖਣ ਵਾਲੇ  ਹਾਇਕੂਕਾਰ 5+7+5 ਦੇ ਕ੍ਰਮ ਅਨੁਸਾਰ ਹਾਇਕੂ ਲਿਖ ਰਹੇ ਹਨ। ਕੁਝ ਪਜਾਬੀ ਪਰਵਾਸੀ ਹਾਇਕੂਕਾਰ ਵਿਦੇਸ਼ ਵਿਚ ਬੈਠੇ ਉਸ ਵਿਦੇਸ਼ੀ ਹਾਇਕੂ ਪੰਜਾਬੀ ਭਾਸ਼ਾ ਵਿਚ ਹਾਇਕੂ ਅਨੁਵਾਦ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹਾਇਕੂ ਭਾਰਤ ਦੀਆਂ ਭਾਸ਼ਾਵਾਂ ਰਾਹੀਂ ਆਇਆ ਹੈ। ਜੋ ਵਿਦਵਾਨ ਵਿਦੇਸ਼ੀ ਹਾਇਕੂ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰ ਰਹੇ ਹਨ ਜੋ ਹਾਇਕੂ ਦੀ ਰਚਨਾ ਕਰਦੇ ਹਨ। ਕੁਝ ਭਾਰਤ ਦੇ ਵਿਦਵਾਨਾਂ ਦਾ ਮਤ ਹੈ ਕਿ ਹਾਇਕੂ ਵਾਲਾ ਛੰਦ ਭਾਰਤ ਦੇ ਗ੍ਰੰਥਾਂ ਵਿਚ ਮੌਜੂਦ ਹੈ। ਜਦੋਂ ਬੁੱਧ ਧਰਮ ਫੈਲਿਆ ਤਾਂ ਇਹ ਛੰਦ ਚੀਨ, ਕੋਰੀਆ ਵਿਚ ਦੀ ਹੁੰਦਾ ਹੋਇਆ ਜਾਪਾਨ ਪਹੁੰਚ ਗਿਆ। ਜਿਵੇਂ ਕਿ ਵਿਸ਼ਵ ਧਾਰਨਾ ਹੈ ਕਿ ਪੰਜਾਬੀ ਅਜਿਹੀ ਸਰਵ ਪ੍ਰਵਾਨਿਤ ਭਾਸ਼ਾ ਹੈ ਜਿਸ ਵਿਚ ਹਰ ਭਾਸ਼ਾ ਤੇ ਸਾਹਿਤ ਦੀ ਹਰ ਵਿਧਾ ਇਸ ਵਿਚ ਸਮਾ ਸਕਦੀ ਹੈ। ਇਸ ਲਈ ਪੰਜਾਬੀ ਭਾਸ਼ਾ ਵਿਚ ਹਾਇਕੂ ਵਿਧਾ ਨੂੰ ਸ਼ਾਮਲ ਕਰਨ ਲਈ ਯਤਨਸ਼ੀਲ ਹਾਂ। ਮੈਂ ਡਾ: ਪਰਮਜੀਤ ਕੌਰ (ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ, ਦੇਵ ਨਗਰ, ਦਿੱਲੀ ਯੂਨੀਵਰਸਿਟੀ) ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਬੜੀ ਬਾਰੀਕਬੀਨੀ ਨਾਲ ਖੋਜ ਕਰਕੇ ਇਕ ਖੋਜ ਪੱਤਰ ਲਿਖ ਕੇ ਪੜ੍ਹਿਆ ਹੈ ਤੇ ਵਿਦਵਾਨਾਂ ਨੂੰ ਇਸ ਹਾਇਕੂ ਵਿਧਾ ਬਾਰੇ ਜਾਣੂੰ ਕਰਵਾਉਦਿਆਂ ਖੁੱਲ੍ਹ ਕੇ ਲਿਖਿਆ ਹੈ ਕਿ ਹਾਇਕੂ ਕਾਵਿ ਜਾਪਾਨੀ ਲੋਕਾਂ ਦੇ ਜੀਵਨ ਸੱਭਿਆਚਾਰ ਕਲਾ ਤੇ ਸਾਹਿਤ ਵਿਚ ਬੇਹੱਦ ਮਹੱਤਤਾ ਰੱਖਦਾ ਹੈ। ਅੱਜ 21 ਵੀਂ ਸਦੀ ਦਾ ਮਨੁੱਖ ਵਿਗਿਆਨ ਤੇ ਤਕਨਾਲੋਜੀ ਦੇ ਦੌਰ ਵਿਚ ਵਿਚਰ ਰਿਹਾ ਹੈ, ਉਸ ਕੋਲ ਵੀ ਚੌੜੀ ਕਵਿਤਾ ਲਿਖਣਾ ਤੇ ਪੜ੍ਹਨ ਦੀ ਵਿਹਲ ਨਹੀਂ ਹੈ। ਇਸ ਲਈ ਹਾਇਕੂ ਕਾਵਿ ਦੀ ਲੋਕਪ੍ਰਿਅਤਾ ਤੇ ਮਹੱਤਤਾ ਇਸ ਪਦਾਰਥਵਾਦੀ ਯੁੱਗ ਵਿਚ ਹੋਰ ਵੱਧ ਗਈ ਹੈ। ਹੁਣ ਇਹ ਜਾਪਾਨ ਦੀ ਧਰਤੀ ਤੱਕ ਹੀ ਸੀਮਤ ਨਹੀਂ ਬਲਕਿ ਸਮੁੱਚੇ ਸੰਸਾਰ ਦੇ ਸਾਹਿਤ ਦਾ ਮਹੱਤਵਪੂਰਨ ਅੰਗ ਬਣ ਚੁੱਕਾ ਹੈ। ਇਸੇ ਲਈ ਇਹ ਮੇਰੇ ਲਈ ਇਕ ਸੁਪਨਾ ਬਣ ਗਈ। ਇਸ ਸੁਪਨ ਮਾਲਾ ਨਾਲ ਬਹੁਤ ਸਾਰੇ ਹਾਦਸੇ ਜੁੜ ਗਏ, ਘਟਨਾਵਾਂ ਜੁੜ ਗਈਆਂ, ਜੋ ਸੁਪਨਿਆਂ ਵਿਚ ਰੀਲ੍ਹਾਂ ਵਾਂਗ ਘੁੰਮਣ ਲੱਗੀਆਂ: 

* ਚਰਚਾ ਵਿਚ ਕਦੇ
ਸੁਪਨਿਆਂ ਚ
ਆਪਾਂ ਰਹਿੰਦੇ।  

* ਰਾਤ ਮਿਲੇ ਸਾਂ
ਸੁਪਨੇ ਵਿਚ ਆਪਾਂ
ਦਿਨੇ ਤੂੰ ਗੁੰਮ।  

* ਸ਼ਾਮ ਨੂੰ ਮਿਲੇ
ਰਾਤ ਸੁਪਨੇ ਬੁਣੇ
ਸੁਬ੍ਹਾ ਵਿਛੜੇ

* ਰੁਲ ਰਿਹਾ ਹੈ।
ਭਵਿੱਖ ਦਾ ਸੁਪਨਾ
ਹੈ ਬਚਪਨ।      

* ਹਰ ਅੱਖ ਦਾ
ਮੈਂ ਬਣ ਕੇ ਸੁਪਨਾ
ਵਸ ਜਾਣਾ ਹੈ।

* ਵਾਅਦਾ ਤੇਰਾ
ਸੁਪਨਾ ਸੱਚ ਕਰਾਂ
ਤੂੰ ਅਮਰ ਹੈ।

* ਸਾਵਧਾਨ ਸੀ
ਸੁਪਨਿਆਂ ਵਿਚ ਤਾਂ
ਮਾਤ ਖਾ ਗਏ।

ਕਸ਼ਮੀਰੀ ਲਾਲ ਚਾਵਲਾ ਦੇ ਇਹ ਸਾਰੇ ਹਾਇਕੂ ਸੁਪਨੇ ਨੂੰ ਮੁਖਾਤਬ ਹੋ ਕੇ ਪੁਸਤਕ ‘ਹਾਇਕੂ ਸੰਵੇਦਨ’ ਵਿਚ ਸ਼ਾਮਲ ਹਨ, ਜਿਨ੍ਹਾਂ ਤੋਂ ਉਸ ਦੀ ਸੋਚਣੀ ਤੇ ਭਵਿੱਖ ਤੱਕ ਦੇ ਖਦਸ਼ੇ ਅਭਿਵਿਅਕਤ ਕੀਤੇ ਗਏ ਪੜ੍ਹਨ ਨੂੰ ਮਿਲਦੇ ਹਨ।

ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੇ ਇਕੀਵੀਂ ਸਦੀ ਦਾ ਪੰਜਾਬੀ ਸਾਹਿਤ ਵਿਸ਼ੇ ਉਤੇ ਲਿਖਿਆ ਗਿਆ ਇਕ ਸਮਕਾਲੀ ਸਾਹਿਤ ਉੱਤੇ ਝਾਤੀ ਪੁਆਉਂਦਾ ਲੇਖ ਹੈ। ਜਿਸ ਵਿਚ ਉਨ੍ਹਾਂ ਨੇ ਮਿੰਨੀ ਕਹਾਣੀ ਬਾਰੇ ਜ਼ਿਕਰ ਕਰਦਿਆਂ ਹਾਇਕੂ ਸਬੰਧੀ ਵੀ ਖਦਸ਼ਾ ਪ੍ਰਗਟਾਉਂਦਿਆਂ ਲਿਖਿਆ ਹੈ,‘‘ਆਧੁਨਿਕ ਨਿੱਕੀ ਪੰਜਾਬੀ ਕਹਾਣੀ ਦੇ ਨਾਲ ਹੀ ਇਕ ਨਵੀਂ ਵਿਧਾ ਮਿੰਨੀ ਕਹਾਣੀ ਸਵ. ਸਤਵੰਤ ਸਿੰਘ ਕੈਂਥ (25.10.1947 ਤੋਂ 3.4.2010) ਦੇ ‘ਬਰਫੀ ਦਾ ਟੁਕੜਾ’ ਨਾਲ ਹੋਂਦ ਵਿਚ ਆਈ ਮੰਨੀ ਜਾਂਦੀ ਹੈ, ਜਿਸ ਨੇ ਹੌਲੀ ਹੌਲੀ ਰਫਤਾਰ ਪਕੜਨੀ ਸ਼ੁਰੂ ਕੀਤੀ ਕਿ ਹਰ ਕੋਈ ਇਸ ਵੰਨਗੀ ਉਤੇ ਕਲਮ ਅਜ਼ਮਾਈ ਕਰਨ ਲੱਗ ਪਿਆ, ਪ੍ਰੰਤੂ ਕੁਝ ਕੁ ਸਾਲਾਂ ਵਿਚ ਹੀ ਇਸ ਦੀ ਅਜਿਹੀ ਦਸ਼ਾ ਹੋ ਗਈ ਹੈ ਕਿ ਜਿਹੜੀ ਰਚਨਾ ਅਖ਼ਬਾਰਾਂ ਰਸਾਲਿਆਂ ਵਾਲਿਆਂ ਨੇ ਬਤੌਰ ਫਿਲਰ ਵਰਤਣੀ ਸ਼ੁਰੂ ਕੀਤੀ ਸੀ, ਹੁਣ ਆਪਣਾ ਦਮ ਤੋੜਦੀ ਨਜ਼ਰ ਆ ਰਹੀ ਹੈ ਤੇ ਬਹੁਤ ਘੱਟ ਲੇਖਕ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਇਸੇ ਤਰ੍ਹਾਂ ਇਕ ਹੋਰ ਕਾਵਿ ਵੰਨਗੀ ‘ਹਾਇਕੂ’ ਹੈ ਜੋ ਜਾਪਾਨ ਤੋਂ ਹੁੰਦੀ ਪੰਜਾਬ ਦੇ ਇਤਿਹਾਸਿਕ ਸ਼ਹਿਰ ਮੁਕਤਸਰ ਆ ਪਹੁੰਚੀ ਹੈ, ਜਿਸ ਦਾ ਪਹਿਲਾ ਹਾਇਕੂਕਾਰ ਕਸ਼ਮੀਰੀ ਲਾਲ ਚਾਵਲਾ (23.8.1951)  ਹੈ। ਜਿਸ ਨੇ ਇਸ ਵਿਧਾ ਦੀ ਆਪਣੇ ਹਲਕੇ ਦੇ ਸਾਹਿਤਕਾਰਾਂ ਤੇ ਕਵੀਆਂ ਵਿਚ ਅਜਿਹੀ ਜਾਗ ਲਗਾਈ ਹੈ ਕਿ ਉਹ ਇਸ ਵੰਨਗੀ ਨੂੰ ਸੌਖਾ ਮੰਨਦੇ ਹੋਏ 5–7 5 ਦੇ ਫਾਰਮੂਲੇ ਨੂੰ ਮੁੱਖ ਰੱਖ ਕੇ ਕਾਵਿ ਟੋਟਕੇ ਰਚਣ ਵੱਲ ਰੁਚਿਤ ਹੋ ਗਏ ਹਨ ਪ੍ਰੋ: ਪੂਰਨ ਸਿੰਘ (18.2.1881 ਤੋਂ 31.3.1931) ਨੇ ਆਪਣੇ ਜਾਪਾਨ ਦੌਰੇ ਸਮੇਂ ਇਸ ਵਿਧਾ ਦਾ ਹਵਾਲਾ ਆਪਣੀਆਂ ਲਿਖਤਾਂ ਵਿੱਚ ਕੀਤਾ ਹੈ ਤੇ ਫਿਰ ਉਥੇ ਸਥਾਈ ਪਰਵਾਸ ਧਾਰਨ ਕਰ ਚੁੱਕੇ ਸਾਹਿਤਕਾਰ ਪਰਮਿੰਦਰ ਸਿੰਘ ਸੋਢੀ ਨੇ ਅਨੁਵਾਦ ਰੂਪ ਹੀ ਪੰਜਾਬੀ ਪਾਠਕਾਂ ਨੂੰ ਦਿੱਤੇ ਹਨ। ਪਰਮਿੰਦਰ ਸਿੰਘ ਸੋਢੀ ਨੇ ਜਲਦੀ ਹੀ ਆਪਣਾ ਰੁਖ ਵੀ ਲੰਮੀ ਕਵਿਤਾ ਲਿਖਣ ਵੱਲ ਮੋੜ ਲਿਆ ਹੈ ਤੇ ਉਸ ਦੀ ਕਾਵਿ ਪੁਸਤਕ ‘ਤੇਰੇ ਜਾਣ ਤੋਂ ਬਾਅਦ’ ਪ੍ਰਾਪਤ ਹੈ। ਵਿਕਲੋਤਰੇ ਕਵੀ ਇਸ ਵਿਧਾ ਉੱਤੇ ਪਹਿਰਾ ਦੇ ਰਹੇ ਹਨ, ਗੰਭੀਰਤਾ ਨਾਲ ਇਸ ਪਾਸੇ ਵਲ ਕੋਈ ਵੀ ਨਹੀਂ ਰੁਚੀ ਵਿਖਾ ਰਿਹਾ ਤੇ ਡਰ ਹੈ ਕਿ ਇਸ ਹਾਇਕੂ  ਸੰਵੇਦਨਾ’ ਦਾ ਹਸ਼ਰ ਵੀ ਮਿੰਨੀ ਕਹਾਣੀ ਵਾਲਾ ਨਾ ਹੋਵੇ।''

          ਪੰਜਾਬੀ ਦੇ ਮਹਾਨ ਵਿਦਵਾਨ ਦੇ ਬੋਲ ਕਿਧਰੇ ਸੱਚੇ ਨਾ ਹੋ ਜਾਣ, ਇਸ ਲਈ ਪੰਜਾਬ ਦੇ ਸਾਰੇ ਹਾਇਕੂਕਾਰ ਨੂੰ ਦੂਜੇ ਕਵੀਆਂ ਨੂੰ ਨਾਲ ਜੋੜ ਕੇ ਅੱਗੇ ਵਧਣ ਤੇ ਇਸ ਵਿਧਾ ਉਤੇ ਕਵਿਤਾ ਰਚਣ ਵਾਸਤੇ ਪ੍ਰੇਰਨਾ ਚਾਹੀਦਾ ਹੈ ਤੇ ਆਪ ਵੀ ਵਧੇਰੇ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਲੋੜ ਹੈ। 

          ਸੁਧਾ ਗੁਪਤਾ ਦਾ ਕਹਿਣਾ ਹੈ ਕਿ ਅੱਜ ਹਾਇਕੂ ਕਿਸੇ ਧਿਆਨ, ਸਾਧਨਾ, ਕਿਸੇ ਜੀਵਨ ਪੱਦਤੀ ਦੇ ਅੰਕ ਦੇ ਰੂਪ ਵਿਚ ਨਹੀਂ ਮਾਤਰ ਅਨੁਕਰਣ ਤੇ ਫੈਸ਼ਨ ਦੇ ਰੂਪ ਵਿਚ ਲਿਖਿਆ ਜਾ ਰਿਹਾ ਹੈ। ਇਸ ਤਰ੍ਹਾਂ ਹਾਇਕੂ ਵਿਚ ਦਾਰਸ਼ਨਿਕਤਾ ਦੀ ਇੱਛਾ ਬੇਕਾਰ ਹੈ।
ਪ੍ਰਦੀਪ ਕੁਮਾਰ ਦੀਪਕ ਦਾ ਮੰਨਣਾ ਹੈ ਕਿ ਹਾਇਕੂ ਦੀ ਉਤਪਤੀ ਵੇਦਾਂ ਤੇ ਤ੍ਰਿਪਦੀ ਛੰਦਾ ਤੋਂ ਹੋਈ ਹੈ। ਉਨ੍ਹਾਂ ਨੇ ਗਾਯਤਰੀ ਛੰਦ ਵਿਚ ਹਾਇਕੂ ਦੇ ਦਰਸ਼ਨ  ਕੀਤੇ ਹਨ। ਗਾਯਤਰੀ ਛੰਦ ਦਾ ਪਹਿਲਾ ਭਾਰਤ ਵਿਚੋਂ ਚੀਨੀਕਰਨ ਹੋਇਆ, ਫਿਰ ਚੀਨ ਤੋਂ ਜਾਪਾਨ ਤੇ ਜਾਪਾਨ ਤੋਂ ਦੁਬਾਰਾ ਭਾਰਤੀਕਰਨ ਹੋਇਆ । ਚੀਨ ਤੇ ਜਾਪਾਨ ਉਪਰ ਭਾਰਤ ਬੁੱਧ ਦਰਸ਼ਨ ਦਾ ਪ੍ਰਭਾਵ ਅੱਜ ਵੀ ਦੇਖਿਆ ਜਾ ਸਕਦਾ ਹੈ।
        
           ਓ. ਪੀ ਗੁਪਤਾ ਦਾ ਮਤ ਹੈ ਕਿ ਹਾਇਕੂ ਛੋਟੀ ਰਚਨਾ ਹੈ। ਅਧਿਕ ਕਾਵਿਮਿਕਤਾ ਸਮੇਟ ਨਹੀਂ ਸਕਦਾ। ਹਾਇਕੂ ਐਨਾ ਛੋਟਾ ਹੁੰਦਾ ਹੈ ਕਿ ਪੜ੍ਹਨ ਤੋਂ ਪਹਿਲਾਂ ਖ਼ਤਮ ਹੋ ਜਾਂਦਾ ਹੈ। 

        ਡਾ: ਰਮਾਂਕਾਂਤ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਹਿੰਦੀ ਕਵਿਤਾ ਹਾਇਕੂ ਵਰਗੇ ਲਘੂਤਮ ਛੰਦ ਨੂੰ ਅਪਣਾ ਕੇ ਗਾਗਰ ਵਿਚ ਸਾਗਰ ਭਰਨ ਦੀ ਸ਼ਬਦ ਸਾਧਨਾ ਨਾਲ ਸਬੰਧਤ ਹੋ ਗਈ ਹੈ।

        ਡਾ: ਸੈਲ ਰਸਤੋਗੀ ਅਨੁਸਾਰ ਜੀਵਨ ਦਾ ਆਨੰਦ ਪੱਖ ਦਰਸ਼ਨ ਹੈ। ਹਾਇਕੂ ਜੀਵਨ ਦੇ ਕੋਲ ਹੈ ਤਾ ਦਾਰਸ਼ਨਿਕਤਾ ਦਾ ਹਾਇਕੂ ਵਿਚ ਪ੍ਰਤੀਬਿੰਬਤ ਹੋਣਾ ਸੁਭਾਵਿਕ ਹੈ, ਪਰ ਹਾਇਕੂ ਦੇ ਛੇਵੇਂ ਕਲੇਵਰ ਨੂੰ ਕੁੱਟ ਕੁੱਟ ਕੇ ਦਾਰਸ਼ਨਿਕਤਾ ਭਰਨ ਦੀ ਕੋਸ਼ਿਸ ਹਾਇਕੂ ਨੂੰ ਭਾਰਾਪਣ ਵਿਚ ਬਦਲ ਦੇਵੇਗੀ। ਹਾਇਕੂ ਦੀ ਸਹਿਜ ਕੋਮਲਤਾ ਸਮਾਪਤ ਹੋਵੇਗੀ, ਭੱਜ ਦੌੜ ਦੇ ਇਸ ਦੌਰ ਵਿਚ ਹਾਇਕੂ ਬਿਨਾ ਸ਼ੱਕ ਅਭਿਵਿਅਕਤੀ ਦਾ ਤਾਕਤਵਾਰ ਮਾਧਿਅਮ ਹੈ।

 ਇਨ੍ਹਾਂ ਸਾਰਿਆਂ ਵਿਚਾਰਾਂ ਤੋਂ ਬਾਅਦ ਹਾਇਕੂ ਦੇ ਮੋਢੀ ਕਸ਼ਮੀਰੀ ਲਾਲ ਚਾਵਲਾ ਨੂੰ ਇਸ ਪਾਸੇ ਵੱਲ ਹੋਰ ਧਿਆਨ ਦੇਣ ਦੀ ਜ਼ਰੂਰਤ ਭਾਸਦੀ ਹੈ ਤਾਂ ਹੀ ਇਸ ਵੰਨਗੀ ਦਾ ਭਵਿੱਖ ਉੱਜਲਾ ਹੋ ਸਕਦਾ ਹੈ। ਸ੍ਰੀ ਚਾਵਲਾ ਦੇ ਹਾਇਕੂ ਦੇ ਨਮੂਨੇ ਪੇਸ਼ ਕਰਕੇ ਲੇਖ ਦੇ ਅੰਤ ਕਰਨ ਦੀ ਆਗਿਆ ਲਈ ਜਾਂਦੀ ਹੈ:

* ਪ੍ਰੀਤ ਦੇ ਕਿੱਸੇ
ਦਰਿਆਵਾਂ ਦੇ ਹਿੱਸੇ
ਅਮਰ ਗਾਥਾ

* ਵਸੇ ਪੰਜਾਬ
ਦਰਿਆਵਾਂ ਦੇ ਬੰਨੇ
ਹਰੇ ਭਵਿੱਖ।

* ਵੀਰ ਕਿਸਾਨ
ਕੌਮ ਦਾ ਸਰਤਾਜ
ਫਿਰ ਭੀ ਭੁੱਖਾ।

* ਵਹਿੰਦੇ ਪਾਣੀ
ਕਿਨਾਰਿਆਂ ਚ ਕੈਦ
 ਨਹੀਂ ਆਜਾਦੀ  

* ਪਿੰਡ ਦੀ ਜੂਹ
ਲੰਘ ਗਏ ਦਰਿਆ
ਛੱਡਾਂਗੇ ਪੈੜਾਂ।

                           ..................... (ਲੇਖਕ "ਰੋਜ਼ਾਨਾ ਆਸ਼ਿਆਨਾ" ਅਖਬਾਰ ਪਟਿਆਲਾ ਦੇ ਸੰਪਾਦਕ ਹਨ )


----------------------------------------------------------------------------------------------

No comments:

Post a Comment